ਸਿੱਖ ਐਜੂਕੇਸ਼ਨਲ ਕਾਨਫ੍ਰੰਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਿੱਖ ਐਜੂਕੇਸ਼ਨਲ ਕਾਨਫ੍ਰੰਸ: ਚੀਫ਼ ਖ਼ਾਲਸਾ ਦੀਵਾਨ ਦਾ ਵਿਦਿਅਕ ਖੇਤਰ ਵਿਚ ਇਕ ਅਹਿਮ ਉਦਮ ਇਸ ਕਾਨਫ੍ਰੰਸ ਦੀ ਸਥਾਪਨਾ ਹੈ। ਸੰਨ 1907 ਈ. ਵਿਚ ਕਰਾਚੀ ਵਿਚ ਹੋਈ ‘ਮੁਸਲਿਮ ਐਜੂਕੇਸ਼ਨਲ ਕਾਨਫ੍ਰੰਸ’ ਤੋਂ ਸਰ ਸੁੰਦਰ ਸਿੰਘ ਮਜੀਠੀਆ ਅਤੇ ਉਸ ਦੇ ਸੰਪਰਕ ਵਾਲੇ ਸਿੱਖ ਵਿਦਵਾਨ ਬਹੁਤ ਪ੍ਰਭਾਵਿਤ ਹੋਏ। ਸਿੱਟੇ ਵਜੋਂ 9 ਜਨਵਰੀ 1908 ਈ. ਨੂੰ ਅੰਮ੍ਰਿਤਸਰ ਵਿਚ 21 ਸਿੱਖ ਸ਼ਖ਼ਸੀਅਤਾਂ ਦੀ ਇਕ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਸ. ਤ੍ਰਿਲੋਚਨ ਸਿੰਘ ਨੇ ਕੀਤੀ। ਸਕੱਤਰ ਦੀ ਜ਼ਿੰਮੇਵਾਰੀ ਭਾਈ ਜੋਧ ਸਿੰਘ ਨੇ ਨਿਭਾਈ। ਉਸ ਦਿਨ ‘ਸਿੱਖ ਐਜੂਕੇਸ਼ਨਲ ਕਾਨਫ੍ਰੰਸ’ ਦੀ ਸਥਾਪਨਾ ਦਾ ਫ਼ੈਸਲਾ ਕੀਤਾ ਗਿਆ। ਇਸ ਕਾਨਫ੍ਰੰਸ ਦਾ ਸੰਵਿਧਾਨ ਤਿਆਰ ਕਰਨ ਲਈ 19 ਜਨਵਰੀ 1908 ਈ. ਨੂੰ ਇਕ ਪੰਜ ਮੈਂਬਰੀ ਕਮੇਟੀ (ਸ. ਗੁਰਚਰਨ ਸਿੰਘ , ਸ. ਖੜਕ ਸਿੰਘ , ਭਾਈ ਦਾਨ ਸਿੰਘ , ਪ੍ਰੋ. ਜੋਧ ਸਿੰਘ ਅਤੇ ਭਾਈ ਗੁਲਾਬ ਸਿੰਘ) ਬਣਾਈ ਗਈ। ਇਸ ਕਾਨਫ੍ਰੰਸ ਦੀ ਸਥਾਪਨਾ ਪਿਛੇ ਭਾਈ ਵੀਰ ਸਿੰਘ ਦੀ ਪ੍ਰੇਰਣਾ ਮੌਜੂਦ ਰਹੀ ਅਤੇ ਇਸ ਦੇ ਵਿਕਾਸ ਲਈ ਉਹ ਸਦਾ ਯਤਨਸ਼ੀਲ ਰਹੇ

            ਇਸ ਵਿਦਿਅਕ ਸੰਸਥਾ ਦਾ ਸਰੂਪ ਗ਼ੈਰ-ਸਰਕਾਰੀ ਹੈ ਅਤੇ ਇਹ ਚੀਫ਼ ਖ਼ਾਲਸਾ ਦੀਵਾਨ ਅੰਮ੍ਰਿਤਸਰ ਦੀ ਸਰਪ੍ਰਸਤੀ ਵਿਚ ਕੰਮ ਕਰਦੀ ਹੈ। ਇਸ ਦਾ ਕਾਰਜ 13 ਮੈਂਬਰੀ ਸਿੱਖ ਐਜੂਕੇਸ਼ਨਲ ਕਮੇਟੀ ਕਰਦੀ ਹੈ। ਸਿੱਖ ਸਮਾਜ ਵਿਚ ਵਿਦਿਅਕ ਜਾਗ੍ਰਿਤੀ ਲਿਆਉਣ ਵਾਲੀ ਇਸ ਕਾਨਫ੍ਰੰਸ ਦਾ ਪਹਿਲਾ ਸੈਸ਼ਨ ਗੁਜਰਾਂਵਾਲਾ ਵਿਚ 17 ਤੋਂ 19 ਅਪ੍ਰੈਲ 1908 ਤਕ ਹੋਇਆ, ਜਿਸ ਦੀ ਪ੍ਰਧਾਨਗੀ ਸ. ਬਘੇਲ ਸਿੰਘ ਨੇ ਕੀਤੀ। ਬਾਦ ਵਿਚ ਲਗਭਗ ਹਰ ਸਾਲ ਹੋਏ ਇਸ ਦੇ ਸੈਸ਼ਨਾਂ ਦੀ ਪ੍ਰਧਾਨਗੀ ਸਿੱਖ ਕੌਮ ਦੀਆਂ ਮਹਾਨ ਸ਼ਖ਼ਸੀਅਤਾਂ ਨੇ ਕੀਤੀ। ਇਸ ਕਾਨਫ੍ਰੰਸ ਦੇ ਆਰੰਭ ਵੇਲੇ ਖ਼ਾਲਸਾ ਸਕੂਲਾਂ ਦੀ ਗਿਣਤੀ ਕੇਵਲ ਅੱਠ ਸੀ , ਜੋ ਦੇਸ਼ ਵੰਡ ਵੇਲੇ 340 ਹੋ ਗਈ ਸੀ। ਕਈ ਸਕੂਲ/ਕਾਲਜ ਭਾਵੇਂ ਪਾਕਿਸਤਾਨ ਵਿਚ ਰਹਿ ਗਏ, ਪਰ ਲੋਕਾਂ ਨੇ ਉਦਮ ਕਰਕੇ ਪੂਰਬੀ ਪੰਜਾਬ ਜਾਂ ਦਿੱਲੀ ਵਿਚ ਉਨ੍ਹਾਂ ਹੀ ਨਾਂਵਾਂ ਦੀਆਂ ਸੰਸਥਾਵਾਂ ਚਲਾ ਰਖੀਆਂ ਹਨ। ਇਸ ਤੋਂ ਇਲਾਵਾ ਯਤੀਮਾਂ, ਅੰਨ੍ਹਿਆਂ ਅਤੇ ਅੰਗਹੀਣਾਂ ਲਈ ਵੀ ਕਈ ਸੰਸਥਾਵਾਂ ਕਾਇਮ ਕੀਤੀਆਂ ਗਈਆਂ। ਕਈ ਪੰਜਾਬੀ ਪੁਸਤਕਾਲਿਆਂ ਦੀ ਵੀ ਵਿਵਸਥਾ ਕੀਤੀ ਗਈ। ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਪ੍ਰਗਤੀ ਲਈ ਵੀ ਇਹ ਕਾਨਫ੍ਰੰਸ ਵਚਨ-ਬੱਧ ਹੈ। ਇਸ ਨੇ ਖ਼ਾਲਸਾ ਸਕੂਲਾਂ ਵਿਚ ਪੰਜਾਬੀ ਪੜ੍ਹਾਉਣ ਦੀ ਵਿਵਸਥਾ ਕੀਤੀ ਅਤੇ ਮਤੇ ਪਾਸ ਕਰਕੇ ਸਰਕਾਰ ਉਤੇ ਜ਼ੋਰ ਪਾਇਆ ਕਿ ਪੰਜਾਬ ਵਿਚ ਸਿਖਿਆ ਦਾ ਮਾਧਿਅਮ ਪੰਜਾਬੀ ਰਖਿਆ ਜਾਏ। ਲੜਕੀਆਂ ਦੀ ਪੜ੍ਹਾਈ ਵਲ ਇਸ ਕਾਨਫ੍ਰੰਸ ਦਾ ਉਚੇਚਾ ਝੁਕਾਉ ਹੈ। ਇਸ ਕਾਨਫ੍ਰੰਸ ਦਾ ਸਰੂਪ ਸਦਾ ਧਰਮ-ਨਿਰਪੇਖ ਰਿਹਾ ਹੈ। ਹਰ ਧਰਮ ਅਤੇ ਕੌਮ ਦੇ ਬੱਚੇ ਸਿੱਖ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਅਧਿਆਪਨ ਲਈ ਨਿਯੁਕਤ ਕੀਤੇ ਜਾਂਦੇ ਅਧਿਆਪਕਾਂ ਦੀ ਯੋਗਤਾ ਨੂੰ ਆਧਾਰ ਬਣਾਇਆ ਜਾਂਦਾ ਰਿਹਾ ਹੈ, ਭਾਵੇਂ ਉਹ ਕਿਸੇ ਧਰਮ ਦੇ ਹੀ ਕਿਉਂ ਨ ਹੋਣ। ਕਈ ਸਕੂਲਾਂ ਅਤੇ ਕਾਲਜਾਂ ਦੇ ਮੁਖੀ ਜਾਂ ਪਿ੍ਰੰਸੀਪਲ ਵੀ ਗ਼ੈਰ-ਸਿੱਖ ਨਿਯੁਕਤ ਹੁੰਦੇ ਰਹੇ ਹਨ।

        ਇਸ ਕਾਨਫ੍ਰੰਸ ਦੁਆਰਾ ਸਿੱਖ ਸਮਾਜ ਵਿਚ ਪੈਦਾ ਹੋਈ ਜਾਗ੍ਰਿਤੀ ਨੇ ਸਿੱਖਾਂ ਦੇ ਹੱਕਾਂ ਦੀ ਰਖਿਆ ਵਿਚ ਬਹੁਤ ਯੋਗਦਾਨ ਪਾਇਆ ਅਤੇ ਅਨੇਕ ਪ੍ਰਕਾਰ ਦੇ ਧਾਰਮਿਕ ਅਤੇ ਸਮਾਜਿਕ ਸੁਧਾਰਾਂ ਲਈ ਕੌਮ ਦਾ ਮਨ ਤਿਆਰ ਕੀਤਾ।  


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.